- ਮੇਅਰ ਕੁੰਦਨ ਗੋਗੀਆ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਰਿਟਾਇਰ ਸੀਨੀਅਰ ਅਧਿਕਾਰੀਆਂ ਨੇ ਫੜਿਆ 'ਆਪ' ਦਾ ਪੱਲਾ
ਪਟਿਆਲਾ, 14 ਮਾਰਚ (ਅਰਵਿੰਦਰ ਸਿੰਘ )
ਸ਼ਾਹੀ ਸ਼ਹਿਰ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਉਸ ਸਮੇਂ ਹੋਰ ਵਿਸ਼ਾਲ ਹੋ ਗਿਆ ਜਦੋਂ ਮੇਅਰ ਕੁੰਦਨ ਗੋਗੀਆ ਦੀ ਪ੍ਰੇਰਨਾ ਸਦਕਾ ਸਰਕਾਰ ਦੇ ਵੱਖ-ਵੱਖ ਅਹਿਮ ਅਹੁਦਿਆਂ ਤੋਂ ਸੇਵਾਮੁਕਤ ਹੋਏ ਕਈ ਦਿੱਗਜ ਅਧਿਕਾਰੀਆਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੇਅਰ ਕੁੰਦਨ ਗੋਗੀਆ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਸ਼ਹਿਰ ਵਿੱਚ ਹੋ ਰਹੇ ਬੇਮਿਸਾਲ ਵਿਕਾਸ ਕਾਰਜਾਂ ਸਦਕਾ ਅੱਜ ਪੜ੍ਹਿਆ-ਲਿਖਿਆ ਅਤੇ ਤਜਰਬੇਕਾਰ ਵਰਗ ਵੱਡੀ ਗਿਣਤੀ ਵਿੱਚ 'ਆਪ' ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਪਾਰਟੀ ਵਿੱਚ ਆਉਣ ਨਾਲ ਜਿੱਥੇ ਸੰਗਠਨ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਉਨ੍ਹਾਂ ਦੇ ਪ੍ਰਸ਼ਾਸਨਿਕ ਤਜਰਬੇ ਦਾ ਲਾਭ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਵੀ ਦੇਖਣ ਨੂੰ ਮਿਲੇਗਾ।
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਚਿਹਰਿਆਂ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਰਿਟਾਇਰਡ ਇੰਸਪੈਕਟਰ ਵਿਜੇ ਕੁਮਾਰ ਸ਼ਰਮਾ, ਰਿਟਾਇਰਡ ਸੁਪਰਡੈਂਟ ਰਾਜਾ ਰਾਮ, ਰਿਟਾਇਰਡ ਇੰਸਪੈਕਟਰ ਅਰੁਣ ਕੁਮਾਰ ਅਤੇ ਐਕਸਾਈਜ਼ ਪਟਿਆਲਾ ਦੇ ਮੁੱਖ ਦਫ਼ਤਰ ਤੋਂ ਰਿਟਾਇਰ ਹੋਏ ਸੀਨੀਅਰ ਸਹਾਇਕ ਚੰਦਰ ਕੁਮਾਰ ਤੋਂ ਇਲਾਵਾ ਕਈ ਹੋਰ ਸ਼ਹਿਰ ਦੇ ਮੋਹਦਵਾਰ ਵਿਅਕਤੀ ਸ਼ਾਮਲ ਹਨ। ਇਨ੍ਹਾਂ ਸਾਬਕਾ ਅਧਿਕਾਰੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਮੇਅਰ ਕੁੰਦਨ ਗੋਗੀਆ ਵੱਲੋਂ ਪਟਿਆਲਾ ਨੂੰ ਡਿਜੀਟਲ ਬਣਾਉਣ ਅਤੇ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਪਾਰਟੀ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਪ੍ਰਭਾਵਸ਼ਾਲੀ ਜੁਆਇੰਨਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਦਿੱਗਜ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਰਣਜੀਤ ਨਗਰ ਦੇ ਸਰਪੰਚ ਸੰਤੋਖ ਸਿੰਘ, ਯੂਥ ਵਿੰਗ ਪਟਿਆਲਾ ਦੇ ਐਡਵਾਈਜ਼ਰ ਪ੍ਰਫੁਲ ਸ਼ਰਮਾ, ਮੁਲਜ਼ਮ ਵਿੰਗ ਪੰਜਾਬ ਦੇ ਸਟੇਟ ਸੰਯੁਕਤ ਸਕੱਤਰ ਬਚਿੱਤਰ ਸਿੰਘ, ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਗੁਰੂ ਦਰਸ਼ਨ ਸਿੰਘ ਉਬਰਾਏ, ਜਨਰਲ ਸੈਕਟਰੀ ਸੁਖਬੀਰ ਸਿੰਘ ਬਬੇਜਾ ਅਤੇ ਸੈਕਰੇਟਰੀ ਜਗਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਮੇਅਰ ਕੁੰਦਨ ਗੋਗੀਆ ਨੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਹਰ ਨਵੇਂ ਸਾਥੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਸਾਰੇ ਮਿਲ ਕੇ ਪਟਿਆਲਾ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ।
© HOST PUNJAB TV | All Rights Reserv
0 Comments