- ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਨਗਰ ਨਿਗਮ ਨੇ ਕੱਸਿਆ ਸ਼ਿਕੰਜਾ
- ਪਹਿਲੇ ਚਲਾਨ 'ਤੇ ₹2000, ਦੂਜੇ 'ਤੇ ₹5000 ਅਤੇ ਤੀਜੀ ਵਾਰ ਸਿੱਧਾ ਕਨੈਕਸ਼ਨ ਕੱਟਣ ਦੀ ਤਿਆਰੀ-ਕਮਿਸ਼ਨਰ
ਪਟਿਆਲਾ, 27 ਮਈ( )
ਸ਼ਹਿਰ ਵਿੱਚ ਵੱਧ ਰਹੀ ਗਰਮੀ ਅਤੇ ਪੀਣ ਵਾਲੇ ਪਾਣੀ ਦੀ ਲਗਾਤਾਰ ਵਧ ਰਹੀ ਖਪਤ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਵੱਲੋਂ ਪਾਣੀ ਦੀ ਫ਼ਜ਼ੂਲਖਰਚੀ ਰੋਕਣ ਲਈ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਗਿਆ ਹੈ। ਨਗਰ ਨਿਗਮ ਕਮਿਸ਼ਨਰ ਸ੍ਰ.ਪਰਮਜੀਤ ਸਿੰਘ( ਆਈ ਏ ਐਸ) ਨੇ ਪੀਣ ਵਾਲੇ ਪਾਣੀ ਦੀ ਗਲਤ ਅਤੇ ਬੇਲੋੜੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਕਮਿਸ਼ਨਰ ਸ੍ਰ ਪਰਮਜੀਤ ਸਿੰਘ (ਆਈ ਏ ਐਸ) ਨੇ ਕਿਹਾ ਕਿ ਪੀਣ ਵਾਲਾ ਪਾਣੀ ਇੱਕ ਅਨਮੋਲ ਕੁਦਰਤੀ ਸਰੋਤ ਹੈ ਅਤੇ ਇਸ ਦੀ ਬੇਲੋੜੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਲੋਕ ਪੀਣ ਵਾਲੇ ਪਾਣੀ ਦੀ ਵਰਤੋਂ ਗੱਡੀਆਂ ਧੋਣ, ਘਰਾਂ ਦੇ ਬਾਗ਼ ,ਬਗੀਚੇ ਅਤੇ ਪਾਰਕਾਂ ਨੂੰ ਪਾਣੀ ਦੇਣ, ਘਰਾਂ ਅਤੇ ਦੁਕਾਨਾਂ ਦੇ ਬਾਹਰ ਸੜਕਾਂ 'ਤੇ ਛਿੜਕਾਅ ਕਰਨ ਅਤੇ ਕਈ ਥਾਵਾਂ 'ਤੇ ਬਿਨਾਂ ਵਰਤੋਂ ਟੂਟੀਆਂ ਖੁੱਲ੍ਹੀਆਂ ਛੱਡਣ ਵਰਗੀਆਂ ਗਤੀਵਿਧੀਆਂ ਲਈ ਕਰ ਰਹੇ ਹਨ, ਜਿਸ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਬਰਬਾਦ ਹੋ ਰਿਹਾ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਨਿਗਮ ਵੱਲੋਂ ਜੇਈ (ਜੂਨੀਅਰ ਇੰਜੀਨੀਅਰ) ਅਤੇ ਸੈਨੇਟਰੀ ਇੰਸਪੈਕਟਰਾਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਗਰਾਨੀ ਕਰਨਗੀਆਂ ਅਤੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨਗੀਆਂ।
ਨਗਰ ਨਿਗਮ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਜੇਕਰ ਕੋਈ ਵਿਅਕਤੀ ਪੀਣ ਵਾਲੇ ਪਾਣੀ ਦੀ ਗਲਤ ਵਰਤੋਂ ਕਰਦਾ ਪਾਇਆ ਗਿਆ ਤਾਂ ਪਹਿਲੀ ਵਾਰ ਉਸ ਦਾ ₹2000 ਦਾ ਚਲਾਨ ਕੱਟਿਆ ਜਾਵੇਗਾ। ਦੂਜੀ ਵਾਰ ਉਲੰਘਣਾ ਕਰਨ 'ਤੇ ₹5000 ਦਾ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਤੀਜੀ ਵਾਰ ਦੋਸ਼ੀ ਪਾਏ ਜਾਣ 'ਤੇ ਉਸ ਦਾ ਪਾਣੀ ਕਨੈਕਸ਼ਨ ਹੀ ਕੱਟ ਦਿੱਤਾ ਜਾਵੇਗਾ।
ਕਮਿਸ਼ਨਰ ਸ੍ਰ .ਪਰਮਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਸੰਭਾਲ ਯਕੀਨੀ ਬਣਾਉਣ ਅਤੇ ਇਸ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਪਾਣੀ ਵਰਗੀ ਕੀਮਤੀ ਦੌਲਤ ਨੂੰ ਬਚਾਇਆ ਜਾ ਸਕਦਾ ਹੈ।
ਨਗਰ ਨਿਗਮ ਦੇ ਇਸ ਸਖ਼ਤ ਫ਼ੈਸਲੇ ਤੋਂ ਬਾਅਦ ਹੁਣ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿੱਚ ਹੜਕੰਪ ਮਚਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ, ਕਿਉਂਕਿ ਹੁਣ ਨਾ ਸਿਰਫ਼ ਜੁਰਮਾਨੇ ਭਰਨੇ ਪੈਣਗੇ, ਸਗੋਂ ਵਾਰ-ਵਾਰ ਨਿਯਮ ਤੋੜਣ ਵਾਲਿਆਂ ਦੇ ਕਨੈਕਸ਼ਨ ਵੀ ਕੱਟੇ ਜਾਣਗੇ।
ਫੋਟੋ : ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਸ੍ਰ. ਪਰਮਜੀਤ ਸਿੰਘ ( ਆਈ ਏ ਐਸ)
0 Comments