- ਸ਼ਹਿਰ ਦਾ ਤਾਪਮਾਨ 43 ਡਿਗਰੀ ਤੋਂ ਪਾਰ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ
ਪਟਿਆਲਾ, 20 ਮਈ (ਅਰਵਿੰਦਰ ਸਿੰਘ )
ਸ਼ਹਿਰ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਹੀਟਵੇਵ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਆਸਮਾਨ ਤੋਂ ਵਰ੍ਹ ਰਹੀ ਤਪਸ਼ ਕਾਰਨ ਨਾ ਸਿਰਫ ਲੋਕ, ਸਗੋਂ ਪਸ਼ੂ-ਪੰਛੀ ਵੀ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ ਹਨ। ਐਤਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਦੁਪਹਿਰ ਸਮੇਂ ਸੜਕਾਂ ਸੁੰਨੀਆਂ ਦਿਖਾਈ ਦਿੱਤੀਆਂ।
ਤੀਖੀ ਧੁੱਪ ਅਤੇ ਲੂ ਦੇ ਚੱਲਦੇ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹੋ ਗਏ। ਜਿਨ੍ਹਾਂ ਲੋਕਾਂ ਨੂੰ ਬਾਹਰ ਨਿਕਲਣਾ ਪਿਆ, ਉਹ ਆਪਣੇ ਮੂੰਹ ਅਤੇ ਸਿਰ ਨੂੰ ਕਪੜੇ ਨਾਲ ਢੱਕ ਕੇ ਜਾਂ ਛਤਰੀ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੱਤੇ। ਗਰਮੀ ਤੋਂ ਬਚਣ ਲਈ ਕਈ ਲੋਕ ਠੰਢੇ ਪੇਅ ਅਤੇ ਪਾਣੀ ਵਾਲੀਆਂ ਰੇਹੜੀਆਂ ਤੇ ਰੁਕ ਕੇ ਪਾਣੀ ਪੀਂਦੇ ਵੀ ਨਜ਼ਰ ਆਏ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ 17 ਮਈ ਤੋਂ 21 ਮਈ ਤੱਕ ਹੀਟਵੇਵ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਣ ਅਤੇ ਜੇ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖਣ।
ਗਰਮੀ ਦੇ ਮੌਸਮ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਸੰਖਿਆ ਵੀ ਵੱਧ ਜਾਂਦੀ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ। ਲੋਕਾਂ ਨੂੰ ਤਾਜ਼ਾ ਭੋਜਨ ਖਾਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਖਾਲੀ ਪੇਟ ਨਾ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸ਼ਰਾਬ ਅਤੇ ਕੈਫੀਨ ਵਾਲੇ ਪੇਅ ਪਦਾਰਥਾਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਹਲਕੇ ਰੰਗ ਦੇ ਢੀਲੇ ਅਤੇ ਪੂਰੀ ਬਾਂਹ ਵਾਲੇ ਕੱਪੜੇ ਪਹਿਨੇ ਜਾਣ।
ਜਾਣਕਾਰੀ ਅਨੁਸਾਰ ਲੂ ਲੱਗਣ ਕਾਰਨ ਹੀਟ ਸਟ੍ਰੋਕ ਅਤੇ ਬਹੁਤ ਜ਼ਿਆਦਾ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਕਿਸੇ ਵਿਅਕਤੀ ਨੂੰ ਗਰਮੀ ਕਾਰਨ ਬੇਹੋਸ਼ੀ ਆ ਜਾਵੇ ਤਾਂ ਉਸਨੂੰ ਤੁਰੰਤ ਛਾਂ ਵਾਲੀ ਅਤੇ ਠੰਢੀ ਥਾਂ ਤੇ ਲਿਜਾਇਆ ਜਾਵੇ, ਸਰੀਰ ‘ਤੇ ਠੰਢੇ ਪਾਣੀ ਦੇ ਛਿੜਕਾਅ ਕੀਤੇ ਜਾਣ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
0 Comments