NEWS

🕒

ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਐਫ ਐਂਡ ਸੀ ਸੀ ਮੀਟਿੰਗ, ਪਟਿਆਲਾ ਦੇ ਵਾਰਡਾਂ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਨੂੰ ਮਿਲੀ ਹਰੀ ਝੰਡੀ

ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਐਫ ਐਂਡ ਸੀ ਸੀ ਮੀਟਿੰਗ, ਪਟਿਆਲਾ ਦੇ ਵਾਰਡਾਂ ਲਈ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਨੂੰ ਮਿਲੀ ਹਰੀ ਝੰਡੀ
- ਸਫ਼ਾਈ ਮੁਹਿੰਮ ਲਈ 3.5 ਕਰੋੜ, ਸੀਵਰੇਜ ਅਤੇ ਸੜਕਾਂ 'ਤੇ ਵਿਸ਼ੇਸ਼ ਜ਼ੋਰ
- ਲਾਪ੍ਰਵਾਹੀ ਕਰਨ ਵਾਲੀਆਂ ਫਰਮਾਂ 'ਤੇ ਹੋਵੇਗੀ ਸਖ਼ਤ ਕਾਰਵਾਈ; ਨਿਗਰਾਨ ਇੰਜੀਨੀਅਰ ਨੇ ਪੇਸ਼ ਕੀਤੀ ਰਿਪੋਰਟ

ਪਟਿਆਲਾ, 20 ਮਾਰਚ 
ਪਟਿਆਲਾ ਨਗਰ ਨਿਗਮ ਦੀ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਐਫ ਐਂਡ ਸੀ ਸੀ ਮੀਟਿੰਗ ਦੀ ਅਹਿਮ ਮੀਟਿੰਗ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿੱਚ ਨਿਗਰਾਨ ਇੰਜੀਨੀਅਰ (ਸਿਵਲ) ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਸ਼ਹਿਰ ਦੇ ਵਿਕਾਸ ਲਈ ਕਈ ਮਹੱਤਵਪੂਰਨ ਰਿਕਾਰਡ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਮੇਅਰ ਕਮਿਸ਼ਨਰ ਅਤੇ ਕਮੇਟੀ ਵੱਲੋਂ ਵਿਚਾਰਨ ਉਪਰੰਤ ਮਨਜ਼ੂਰੀ ਦਿੱਤੀ ਗਈ। ਇਹ ਸਾਰੇ ਕੰਮ ਨਿਗਮ ਫੰਡਾਂ, ਵਿੱਤ ਕਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਪ੍ਰਾਪਤ ਗ੍ਰਾਂਟਾਂ ਰਾਹੀਂ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਜੋਆਇੰਟ ਕਮਿਸ਼ਨਰ ਰਵਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। 

ਮੀਟਿੰਗ ਵਿੱਚ ਸ਼ਹਿਰ ਦੇ ਅਹਿਮ ਇਲਾਕਿਆਂ ਲਈ ਵੱਡੇ ਬਜਟ ਨੂੰ ਮਨਜ਼ੂਰੀ (ਬਾਕਸ) 
ਸੜਕਾਂ ਦੇ ਨਿਰਮਾਣ ਤਹਿਤ ਤੋਪਖ਼ਾਨਾ ਗੇਟ, ਬਾਬਾ ਧਿਆਨਾ ਟੋਬਾ ਪਾਰਕ, ਫੀਲਖਾਨਾ ਸਕੂਲ, ਚੱਲ ਸਟ੍ਰੀਟ ਅਤੇ ਅਰਜੁਨ ਨਗਰ ਦੀਆਂ ਸੜਕਾਂ ਲਈ ₹48.50 ਲੱਖ ਰਾਖਵੇਂ ਕੀਤੇ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 50 (ਡਿਲਾਇਟ ਕਾਲੋਨੀ) ਵਿੱਚ ਸੜਕਾਂ ਲਈ ₹35 ਲੱਖ ਅਤੇ ਵਾਰਡ ਨੰਬਰ 42 (ਜੰਡ ਗਲੀ) ਲਈ ₹4 ਲੱਖ ਦੀ ਮਨਜ਼ੂਰੀ ਦਿੱਤੀ ਗਈ ਹੈ। ਸ਼ਹਿਰ ਵਿੱਚ ਨਵੇਂ ਸਾਈਨ ਬੋਰਡ ਲਗਾਉਣ 'ਤੇ ₹25 ਲੱਖ ਅਤੇ ਮਾਡਲ ਟਾਊਨ ਸਥਿਤ ਨਗਰ ਨਿਗਮ ਹਾਊਸ ਦੀ ਰੇਨੋਵੇਸ਼ਨ 'ਤੇ ₹9.50 ਲੱਖ ਖਰਚ ਕੀਤੇ ਜਾਣਗੇ। ਸੀਵਰੇਜ ਸਿਸਟਮ ਤਹਿਤ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਾਹਮਣੇ ਕਲੱਬ ਦੇ ਕੋਲ ਸੀਵਰ ਲਾਈਨ ਨੂੰ ਦਰੁਸਤ ਕਰਨ ਲਈ ਸਵਾ ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।

ਵੱਖ-ਵੱਖ ਵਾਰਡਾਂ ਲਈ ਮਨਜ਼ੂਰ ਹੋਏ ਮੁੱਖ ਪ੍ਰੋਜੈਕਟ (ਬਾਕਸ) 
ਸੜਕਾਂ ਅਤੇ ਫਲੋਰਿੰਗ: ਵਾਰਡ ਨੰਬਰ 20 ਵਿੱਚ ਹੀਰਾ ਆਟੋ ਰੋਡ (ਫੈਕਟਰੀ ਏਰੀਆ) ਦੇ ਨੇੜੇ ਗਲੀਆਂ ਵਿੱਚ ਸੀ.ਸੀ. ਫਲੋਰਿੰਗ ਲਈ 21.34 ਲੱਖ ਰੁਪਏ ਅਤੇ ਸੁਰਿੰਦਰ ਸਾਈਕਲ ਵਰਕਸ ਤੋਂ ਬੁੱਕ ਮਾਰਕੀਟ ਰੋਡ ਤੱਕ ਸੀ.ਸੀ. ਰੋਡ ਦੇ ਨਿਰਮਾਣ ਲਈ 1.83 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ. ਕਲੱਸਟਰ-2 ਵਿੱਚ ਵੱਖ-ਵੱਖ ਸੀਵਰ ਲਾਈਨਾਂ ਦੀ ਸਫ਼ਾਈ ਲਈ ਸਭ ਤੋਂ ਵੱਡਾ ਬਜਟ 78.83 ਲੱਖ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਮੈਨਹੋਲ ਬਣਾਉਣ ਲਈ 37.19 ਲੱਖ ਰੁਪਏ ਖਰਚੇ ਜਾਣਗੇ। ਵਾਰਡ ਨੰਬਰ 18 ਵਿੱਚ ਰੋਡ ਗਲੀ ਬਣਾਉਣ ਲਈ 12.49 ਲੱਖ ਰੁਪਏ ਅਤੇ ਵਾਰਡ ਨੰਬਰ 48 ਦੀਆਂ ਗਲੀਆਂ ਦੀ ਮੁਰੰਮਤ ਤੇ ਡਰੇਨਾਂ ਦੇ ਸੁਧਾਰ ਲਈ 5.60 ਲੱਖ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ। ਰਸੂਲਪੁਰ ਸੈਦਾਂ ਦੇ ਸ਼ਮਸ਼ਾਨਘਾਟ ਦੀ ਰੇਨੋਵੇਸ਼ਨ ਲਈ 10.33 ਲੱਖ ਰੁਪਏ ਦੇ ਬਜਟ ਨੂੰ ਹਰੀ ਝੰਡੀ ਮਿਲੀ ਹੈ। ਅਬਲੋਵਾਲ ਡੇਅਰੀ ਪ੍ਰੋਜੈਕਟ ਵਿਖੇ ਸਟਰੀਟ ਲਾਈਟਾਂ ਦੇ ਰੱਖ-ਰਖਾਅ ਲਈ 7.22 ਲੱਖ ਰੁਪਏ ਅਤੇ ਓ.ਐਂਡ.ਐਮ. ਸੈੱਲ ਲਈ ਆਊਟਸੋਰਸ ਆਧਾਰ 'ਤੇ 6 ਡਰਾਈਵਰਾਂ ਦੀਆਂ ਸੇਵਾਵਾਂ ਲਈ 12.80 ਲੱਖ ਰੁਪਏ ਸਾਲਾਨਾ ਦਾ ਪ੍ਰਬੰਧ ਕੀਤਾ ਗਿਆ ਹੈ।

ਗੈਸਟ ਹਾਊਸ ਦੇ ਨਵੇਂ ਰੇਟ ਅਤੇ ਨਿਯਮ ਤੈਅ (ਬਾਕਸ) 
ਸਰਕਾਰੀ ਅਧਿਕਾਰੀ: ਡਿਊਟੀ ਦੌਰਾਨ ਸਧਾਰਨ/ਸਪੈਸ਼ਲ ਕਮਰੇ ਦਾ ਰੇਟ ₹300 ਅਤੇ ਨਿੱਜੀ ਵਰਤੋਂ ਲਈ ₹500 ਹੋਵੇਗਾ। ਸਪੈਸ਼ਲ ਕਮਰੇ ਲਈ ₹1800 ਅਤੇ ਸਧਾਰਨ ਕਮਰੇ ਲਈ ₹1500 ਰੇਟ ਤੈਅ ਕੀਤਾ ਗਿਆ ਹੈ। ਸਪੈਸ਼ਲ ਕਮਰੇ ਦਾ ਪੈਨਲ ਰੇਟ ₹5000 ਰੱਖਿਆ ਗਿਆ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕਮਰੇ ਬੁੱਕ ਕਰਦੇ ਸਮੇਂ ਸਰਕਾਰੀ ਕੰਮ ਲਈ ਆਉਣ ਵਾਲੇ ਅਧਿਕਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ।

ਗ਼ੈਰ-ਜ਼ਰੂਰੀ ਖਰਚਿਆਂ 'ਤੇ ਰੋਕ ਅਤੇ ਸਖ਼ਤ ਕਾਰਵਾਈ (ਬਾਕਸ) 
ਨਿਗਮ ਨੇ ਪਟਿਆਲਾ ਦੇਹਾਤੀ ਦੇ ਵਾਰਡਾਂ ਵਿੱਚ 20 ਨਵੀਆਂ ਸੈਮੀ-ਹਾਈਮਾਸਟ ਲਾਈਟਾਂ ਲਗਾਉਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ। ਨਿਗਰਾਨ ਇੰਜੀਨੀਅਰ ਦੀ ਰਿਪੋਰਟ ਅਨੁਸਾਰ, ਇਨ੍ਹਾਂ ਲਾਈਟਾਂ ਦੀ ਨਾ ਤਾਂ ਕੋਈ ਮੰਗ ਸੀ ਅਤੇ ਨਾ ਹੀ ਜ਼ਰੂਰਤ, ਜਿਸ ਕਾਰਨ ਐਫ.ਐਂਡ.ਸੀ.ਸੀ. ਨੇ ਇਹ ਪ੍ਰਸਤਾਵ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ, ਟੈਂਡਰ ਲੈ ਕੇ ਕੰਮ ਸ਼ੁਰੂ ਨਾ ਕਰਨ ਵਾਲੀ ਫਰਮ 'ਬੀ.ਐਸ. ਬਿਲਡਰਜ਼' ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸਫ਼ਾਈ ਮੁਹਿੰਮ ਲਈ 3.5 ਕਰੋੜ (ਬਾਕਸ) 
ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਕੂੜੇ ਦੇ ਡੰਪ ਸਾਫ਼ ਕਰਨ ਲਈ ਸਾਢੇ ਤਿੰਨ ਕਰੋੜ ਰੁਪਏ ਦੇ ਬਜਟ ਨੂੰ ਹਰੀ ਝੰਡੀ ਦਿੱਤੀ ਹੈ। ਮੇਅਰ ਅਨੁਸਾਰ, ਇਹ ਸਾਰੇ ਕਾਰਜ ਨਗਰ ਨਿਗਮ ਦੀ 'ਈ-ਨਿਗਮ ਐਪ' ਰਾਹੀਂ ਡਿਜੀਟਲ ਨਿਗਰਾਨੀ ਹੇਠ ਮੁਕੰਮਲ ਕੀਤੇ ਜਾਣਗੇ ਤਾਂ ਜੋ ਕੰਮ ਦੀ ਗੁਣਵੱਤਾ ਅਤੇ ਪਾਰਦਰਸ਼ਤਾ ਬਣੀ ਰਹੇ।


ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਟੈਂਡਰ ਲੈ ਕੇ ਕੰਮ ਸ਼ੁਰੂ ਨਾ ਕਰਨ ਵਾਲੀਆਂ ਫਰਮਾਂ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰੋਜੈਕਟ ਦੀ ਨਿਗਰਾਨੀ 'ਈ-ਨਿਗਮ ਐਪ' ਰਾਹੀਂ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ ਤਾਂ ਜੋ ਪਟਿਆਲਾ ਵਾਸੀਆਂ ਦਾ ਪੈਸਾ ਸਹੀ ਥਾਂ 'ਤੇ ਵਰਤਿਆ ਜਾ ਸਕੇ। ਮੇਅਰ ਨੇ ਅਖੀਰ ਵਿੱਚ ਕਿਹਾ ਕਿ ਪਟਿਆਲਾ ਦੇ ਹਰ ਵਾਰਡ ਦਾ ਸਰਵਪੱਖੀ ਵਿਕਾਸ ਸਾਡੀ ਪਹਿਲ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਕੰਮ ਜ਼ਮੀਨੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ।

© HOST PUNJAB TV | All Rights Reserv

Post a Comment

0 Comments